*ਡਾ. ਮਨਜੀਤ ਸਿੰਘ ਰੰਧਾਵਾ ਅਤੇ ਅਣਥੱਕ ਸਹਿਯੋਗੀਆਂ ਦਾ ਨਿਵੇਕਲਾ ਉਪਰਾਲਾ*
*”ਅਜੋਕੀ ਸਿਆਸਤ ਦੇ “ਨਿਰੋਲ ਝੂਠ–ਪਾਪ ਦਾ ਅਖਾੜਾ” ਬਣ ਚੁੱਕੇ, “ਰਾਜਨੀਤੀ ਦੇ ਮੈਦਾਨ” ਵਿੱਚ ਇੱਕ “ਹੱਕ–ਸੱਚ ਦਾ ਪਿੜ” ਉਸਾਰਨ ਦੀ ਸੁਹਿਰਦ ਕੋਸ਼ਿਸ਼“*
ਬੇਸ਼ੱਕ ਦੇਸ਼ ਅਜ਼ਾਦ ਹੋਇਆਂ ਪੌਣੀ ਸਦੀ ਹੋ ਗਈ ਹੈ ਅਤੇ “ਨਵੇਂ–ਪੰਜਾਬ” ਨੂੰ ਬਣਿਆਂ ਅੱਧੀ ਸਦੀ ਲੰਘ ਚੁੱਕੀ ਹੈ। ਇਸ ਦੌਰਾਨ ‘ਦੇਸ–ਪੰਜਾਬ‘ ਨੇ ਅਨੇਕਾਂ ਉਤਰਾ–ਚੜ੍ਹਾਅ, ਆਪਣੇ ਪਿੰਡੇ ’ਤੇ ਹੰਢਾਏ ਹਨ ਅਤੇ ਪੰਜਾਬੀ ਸਭਿਅਤਾ ਨੂੰ ਲਗਾਤਾਰ ਇੱਕ ਮਗਰੋਂ ਇੱਕ, ਅਨੇਕਾਂ ਸੰਕਟਾਂ ’ਚੋਂ ਲੰਘਣਾ ਪਿਆ ਹੈ। “ਜੰਗੇ–ਅਜ਼ਾਦੀ” ਦੀ ਲੜਾਈ ਲੜਦਿਆਂ, ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਵੀ, ਪੰਜਾਬੀਆਂ ਨੇ “ਅਜ਼ਾਦ ਭਾਰਤ ਵਿੱਚ ਖੁਸ਼ਹਾਲ ਪੰਜਾਬ” ਦੇ ਜੋ ਖ਼੍ਵਾਬ ਵੇਖੇ ਸਨ, ਉਹ ਸਾਕਾਰ ਨਹੀਂ ਹੋ ਸਕੇ, ਬਲਕਿ ਚਕਨਾਚੂਰ ਹੀ ਹੋਏ। ਪੰਜਾਬ ਦੀ ਤ੍ਰਾਸਦੀ ਹੈ, ਕਿ ਵਰਤਾਰਾ ਹਿਰਦੇਵੇਧਿਕ ਅਤੇ ਆਸਾਂ ਤੋਂ ਬਿਲਕੁਲ ਉਲਟ ਵਾਪਰਿਆ। 1947 ਦੀ ਸਾਜਸ਼ੀ ਵੰਡ ਮਗਰੋਂ, “ਲੱਕੋਂ–ਵੱਢੇ” ਦੁਨੀਆ ਭਰ ਨੂੰ ਲੋਹਾ ਮਨਵਾਉਣ ਵਾਲੇ, “ਖੁਲ੍ਹਦਿਲੇ ਤੇ ਬਹਾਦਰ” ‘ਦੇਸ–ਪੰਜਾਬ‘ ਦੀ “ਬਚੀ–ਖ਼ੁਚੀ” ਤਾਕਤ, ਸ਼ੁਰੂ ਤੋਂ ਹੀ ਦੋ ਆਪਸ ਵਿਰੋਧੀ ਸਿਆਸੀ ਖੇਮਿਆਂ ਵਿੱਚ ਵੰਡੀ ਹੋਈ ਚਲੀ ਆ ਰਹੀ ਹੈ। ਇੱਕ ਧੜਾ ਅਕਾਲੀਆਂ ਦਾ ਅਤੇ ਦੂਜੀ ਧਿਰ ਕਾਂਗਰਸ ਦੀ। ਦੋਹਾਂ ਦੀਆਂ ਸਰਕਾਰਾਂ ਆਈਆਂ, ਪਰ “ਪੰਜਾਬ ਦੇ ਹਿਤਾਂ ਦੇ ਉਲਟ” ਦਿੱਲੀ ਤਖਤ ਦੀਆ ਪਿੱਠੂ ਬਣ ਕੇ ਹੀ ਚਲਦੀਆਂ ਰਹੀਆਂ। ਜਿਸ ਕਾਰਨ, ਉਹ ਕਦੇ ਵੀ ਪੰਜਾਬ ਦੀਆਂ ਸਮੱਸਿਆਵਾਂ ਦਾ ਕੋਈ ਢੁੱਕਵਾਂ ਹੱਲ ਕਰਵਾ ਹੀ ਨਾ ਸਕੀਆਂ। ਹੁਣ ਜਦੋਂ ਤੀਜੀ ਧਿਰ “ਬਦਲਾਅ” ਦੇ ਨਾਂ ਹੇਠ ਆਈ, ਪਰ ਲੋਕਾਂ ਵੱਲੋਂ ਵੱਡੀਆਂ ਆਸਾਂ ਅਤੇ ਪੂਰੀ ਤਾਕਤ ਨਾਲ ਸੱਚੇ ਦਿਲੋਂ ਲਿਆਂਦਾ “ਇੰਨਕਲਾਬ,” ਵੀ ਦਿਲ ਤੋੜਵਾਂ “ਝੂਠ ਦਾ ਧੋਖ਼ਾ” ਸਾਬਤ ਹੋਇਆ। ਉਸ ਤੋਂ ਵੀ ਪੰਜਾਬ ਦੇ ਲੋਕਾਂ ਲਈ ਜਦੋਂ ਕੁੱਝ ਨਾ ਹੋਇਆ, ਤਾਂ “ਅਣਥੱਕ ਅਣਖ਼ੀਲੇ ਪੰਜਾਬ” ਦੀ “ਮਿੱਟੀ ਦੇ ਜਾਏ,” ਸਿਆਸੀ ਅਖਾੜੇ ਵਿੱਚ ਇੱਕ ਹੋਰ ਨਵੀਂ °ਸੱਚ ਦੀ ਧਾਰਨੀ° ਅਤੇ “ਵੇਖੀ–ਪਰਖ਼ੀ” ਰਾਜਨੀਤਿਕ ਧਿਰ ਉਸਾਰਨ ਦੀ ਲੋੜ ਮਹਿਸੂਸ ਕਰਨ ਲੱਗੇ। ਇਸ ਲੋੜ ’ਚੋਂ ਉਪਜਿਆ ਹੈ, “ਸੱਚ ਦੇ ਧਾਰਨੀ ਲੋਕਾਂ ਦਾ ਪਿੜ,” ‘ਲੋਕ –ਰਾਜ‘ ਪੰਜਾਬ। ਜਿਸ ਤੋਂ ਫ਼ਿਲਹਾਲ ਨਵੀਆਂ ਆਸਾਂ ਤੇ ਨਵੀਂਆਂ ਉਮੀਦਾਂ ਦੀ ਆਸ ਬੱਝਣ ਲੱਗੀ ਹੈ।
* ‘ਲੋਕ–ਰਾਜ‘ ਪੰਜਾਬ ਨੂੰ ਸਰਦਾਰ ਸਵਰਨ ਸਿੰਘ ਬੋਪਾਰਾਏ ਵਰਗੇ, ਚੀਫ਼ ਸੈਕਟਰੀ ਰੈਂਕ ਦੇ ਮੰਨੇ–ਪ੍ਰਮੰਨੇ ਇਮਾਨਦਾਰ ਕੁਸ਼ਲ ਪ੍ਰਬੰਧਕਾਂ, ਸਤਿਕਾਰਯੋਗ ਸਾਬਕਾ ਜੱਜਾਂ ਤੋਂ ਇਲਾਵਾ, ਚੀਫ਼ ਇੰਨਜੀਨੀਅਰ ਹਰਿੰਦਰ ਸਿੰਘ ਬਰਾੜ ਵਰਗੇ ਨੀਤੀਕਾਰ, ਪੰਜਾਬ ਸਰਵਿਸ ਕਮਿਸ਼ਨ ਦੇ ਮੈਂਬਰਾਨ ਸ੍ਰ ਸੁਖਵੰਤ ਸਿਘ ਸਰਾਉ, ਪੰਜਾਬ ਮੈਡੀਕਲ ਕੌਂਸਿਲ ਦੇ ਪ੍ਰਧਾਨ ਰਹਿ ਚੁੱਕੇ ਡਾਕਟਰ ਮਨਮੋਹਨ ਸਿੰਘ ਅਤੇ ਡਾ. ਏ.ਐੱਸ ਸੇਖੋਂ, ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਦੇ ਸੂਬਾ ਪ੍ਰਧਾਨ ਰਹੇ ਅਤੇ ‘ਸਰੱਬਤ ਦਾ ਭਲਾ‘ ਸੰਸਥਾ ਦੇ ਸਿਹਤ ਡਾਇਰੈਕਟਰ, ਪਰਉਪਕਾਰੀ ਡਾਕਟਰ ਦਲਜੀਤ ਸਿੰਘ ਗਿੱਲ, ਸਾਬਕਾ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਮਨਜੀਤ ਸਿੰਘ, ਆਈ.ਐਮ.ਏ ਪੰਜਾਬ ਪ੍ਰਧਾਨ ਡਾ. ਮਨੋਜ ਸੋਬਤੀ, ਡਾ ਅਮਰਜੀਤ ਸਿੰਘ ਮਾਨ, ਡਾ ਰਣਜੀਤ ਸਿੰਘ ਬੁੱਟਰ, ਡਾ ਹਰਪਰਤਾਪ ਸਿੰਘ ਮਜੀਠਾ, ਪ੍ਰੋਫ਼ੈਸਰ ਗੁਰਮੀਤ ਸਿੰਘ, ਪਰੋਫ਼ੈਸਰ ਅਸ਼ੋਕ ਸ਼ਰਮਾ, ਮੇਜਰ ਜਰਨਲ ਸਤਬੀਰ ਸਿੰਘ, ਬ੍ਰਿਗੇਡੀਅਰ ਇੰਦਰਮੋਹਨ ਸਿੰਘ, ਬ੍ਰਿਗੇਡੀਅਰ ਕੁਲਵੰਤ ਸਿੰਘ ਕਾਹਲੋਂ, ਬ੍ਰਿਗੇਡੀਅਰ ਹੀਰ, ਕਰਨਲ ਮਹਿੰਦਰ ਸਿੰਘ ਬਾਜਵਾ, ਕਰਨਲ ਅਵਤਾਰ ਸਿੰਘ ਹੀਰਾ, ਦਫ਼ੇਦਾਰ ਹਰਜਿੰਦਰ ਸਿੰਘ ਪ੍ਰਧਾਨ ‘ਸੇਵਾ‘, ਕੈਪਟਨ ਕੇ.ਕੇ.ਸ਼ੋਰੀ, ਸ੍ਰੀ ਨਰਿੰਦਰ ਕੁਮਾਰ ਬੱਤਾ, ਸ੍ਰ ਜੈਮਲ ਸਿੰਘ, ਬੀਬੀ ਪਰਮਜੀਤ ਕੌਰ, ਬੀਬੀ ਕਿਰਨਜੀਤ ਕੌਰ, ਬੀਬੀ ਸਤਵੰਤ ਕੌਰ ਅਤੇ ਹੋਰ ਦੋ ਸੌ ਤੋਂ ਵੱਧ ਇਮਾਨਦਾਰ ਅਤੇ ਸਚੇ ਸੁਚੇ ਜੀਵਨ ਦੀਆਂ ਧਾਰਨੀ ਸਖਸ਼ੀਅਤਾਂ ਦੀ ਸਰਗਰਮ ਹਮਾਇਤ ਹਾਸਲ ਹੈ।
ਝੂਠ ਦੀ ਸਿਆਸਤ ਦੇ ਅਖਾੜੇ ਨੂੰ ਚੁਣੌਤੀ ਦੇਣ ਵਾਲੇ ਇਸ ਨਵੇਂ ਪਿੜ, ‘ਲੋਕ–ਰਾਜ‘ ਪੰਜਾਬ ਦਾ ਸੰਸਥਾਪਕ ਮਨਜੀਤ ਸਿੰਘ ਰੰਧਾਵਾ, ਕਿੱਤੇ ਵਜੋਂ ਐਮ.ਬੀ.ਬੀ.ਐਸ, ਐਮ.ਡੀ. ਸਪੈਸ਼ਲਿਸਟ ਡਾਕਟਰ, ਸੇਵਾਮੁਕਤ ਸਿਵਲ ਸਰਜਨ ਹੈ, ਅਤੇ ਅਗਾਂਹਵਧੂ ਕਿਰਸਾਨ ਵੀ ਹੈ, ਜੋ ਆਪਣੇ ਦਾਦਕੇ ਭੋਲੇਕੇ ਅਤੇ ਪੜਨਾਨਕੇ ਮਾਨਸਾ ਵਿੱਚ ਪ੍ਰਵਾਰ ਦੀ ਸਾਂਝੀ ਜੱਦੀ ਜ਼ਮੀਨ ਦੀ ਖ਼ੁਦ–ਕਾਸ਼ਤ ਕਰਵਾਉਂਦਾ ਹੈ।
ਆਪਣੇ ਪੜਨਾਨਕੇ ਮਾਨਸਾ ਦੀ ਇੰਨਕਲਾਬੀ ਧਰਤੀ ਤੇ ਪਲਿਆ ਤੇ ਪੜ੍ਹਿਆ,ਉਹ ਬਚਪਨ ਤੋਂ ਨਿਮਰ ਪਰ ਨਿਡਰ, ਵਿਦਿਆਰਥੀ ਜੀਵਨ ਵਿੱਚ ਵੀ “ਸੱਚ ਅਤੇ ਇਨਸਾਫ਼ ਨੂੰ ਸਮਰਪਿਤ“ ਅਡੋਲ, ਸੰਘਰਸ਼ਸ਼ੀਲ ਜੀਵਨ ਦਾ ਧਾਰਨੀ, ਜਥੇਬੰਦਕ ਸੂਝ ਵਾਲਾ ਅਤੇ ਕੁਸ਼ਲ ਪ੍ਰਬੰਧਕ ਵਜੋਂ ਜਾਣਿਆ ਜਾਂਦਾ ਹੈ।
ਖ਼ਾਲਸਾ ਸਕੂਲ ਮਾਨਸਾ ਤੋਂ ਦਸਵੀਂ, ਅਤੇ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਤੋਂ ਪ੍ਰੀਮੈਡੀਕਲ ਕਰਕੇ, ਅੰਮ੍ਰਿਤਸਰ ਮੈਡੀਕਲ ਕਾਲਜ ਤੋਂਂ ਡਾਕਟਰੀ ਦੀ ਪੜ੍ਹਾਈ ਉਪਰੰਤ, ਸੈਕਟਰ 16 ਹਸਪਤਾਲ ਚੰਡੀਗੜ੍ਹ ਵਿਖ਼ੇ ਇੰਟਰਨਸ਼ਿਪ ਦੌਰਾਨ ਹੀ, ਜੋ “ਐਕਸਪਾਇਰਿਡ ਮੈਡੀਸਿਨ” ਦਾ ਸਕੈਂਡਲ ਨੰਗਾ ਕਰ ਕੇ, ਮਰੀਜ਼ਾਂ ਦੇ ਹਿਤ ਵਿੱਚ ਆਪਣੇ ਕੈਰੀਅਰ ਨੂੰ ਵੀ ਦਾਅ ਤੇ ਲਾਉਣ ਤੋਂ ਨਾ ਝਿਜਕਿਆ। ਸਿਹਤ ਮਹਿਕਮੇ ਵਿੱਚ ਮੈਡੀਕਲ ਅਫ਼ਸਰ ਵਜੋਂ 1980 ਵਿੱਚ ਸ਼ੁਰੂਆਤ ਚਾਉਕੇ, ਬਾਲਿਆਂਵਾਲੀ, ਫਫੜੇ ਭਾਈਕੇ, ਜੋਗਾ, ਖਿਆਲਾ ਤੋਂ ਕੀਤੀ, ਅਤੇ 1988 ਵਿੱਚ ਮਾਨਸਾ ਤੋਂ ਹੀ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਦਾ ਸੂਬਾ ਪ੍ਰਧਾਨ ਚੁਣਿਆ ਗਿਆ।
ਵਾਹਿਗੁਰੂ ਦੀ ਕਿਰਪਾ ਨਾਲ ਜਿਸਨੂੰ ਨਿਮਰਤਾ, ਦ੍ਰਿੜਤਾ ਅਤੇ ਦਲੇਰੀ, ਜ਼ਾਹਰਪੀਰ–ਜਗਤਗੁਰ ਬਾਬਾ ਨਾਨਕ ਵੱਲੋਂ ਵਿਰੋਸਾਏ, ਬਾਬਾ ਸਾਹਿਬ ਸਾਦਾ ਜੀ ਦੇ ਪਿਤਾਪੁਰਖ਼ੀ ਵਿਰਸੇ ਤੋਂ, ਅਤੇ ਭੰਗੀ ਮਿਸਲ ਦੇ ਮੁਖ਼ੀ ਸਿਰਦਾਰ ਹਰੀ ਸਿੰਘ ਭੰਗੀ ਦੇ ਪ੍ਰਵਾਰ ਦੀ ਧੀ, ਆਪਣੀ ਮਾਂ ਦੀ ਕੁੱਖੋਂ, ਮਿਲੀ ਵੀ ਅਤੇ ਨਿਭੀ ਵੀ।
ਬਿਨਾ ਸਮਾਂ ਗਵਾਇਆਂ, ਫ਼ਰਵਰੀ 1989 ਵਿੱਚ ਹੀ, ਗਵਰਨਰੀ ਰਾਜ ਹੁੰਦਿਆਂ, ’ਰੇਅ–ਰਿਬੇਰੋ–ਗਿੱਲ’ ਦੀ ਜ਼ਾਬਰ ਤਿੱਕੜੀ ਦੀ ਵੀ ਪਰਵਾਹ ਨਾ ਕਰਦਿਆਂ, ਜਮਾਤ ਦੇ ਫ਼ੈਸਲੇ ਨੂੰ ਸਿਰ–ਮੱਥੇ ਮੰਨ ਕੇ, ਅਤੇ ਦੋ ਮਹੀਨੇ ਦੀ ਛੁੱਟੀ ਲੈਕੇ, ਸਰਕਾਰੀ ਡਾਕਟਰਾਂ ਦੀ ਹੜਤਾਲ ਜਥੇਬੰਦ ਕੀਤੀ, ਜੋ ਦੁਨੀਆਂ ਦੀ ਸਰਵਿਸ ਡਾਕਟਰਾਂ ਦੀ ਸਭ ਤੋਂ ਲੰਮੀ (95 ਦਿਨਾਂ), ਮਿਸਾਲੀ ਹੜਤਾਲ ਹੋ ਨਿੱਬੜੀ। ਇਹ ਹੜਤਾਲ ਏਨੀ ਕਾਮਯਾਬ ਸੀ, ਕਿ ਜਿਸਦੇ ਪਹਿਲੇ ਹਫ਼ਤੇ ਹੀ ਸਰਕਾਰ ਨੂੰ ਮਜ਼ਬੂਰ ਹੋਕੇ ਹਸਪਤਾਲ ਚਲਾਉਣ ਲਈ ਫ਼ੌਜੀ ਡਾਕਟਰ ਬੁਲਾਉਣੇ ਪਏ।
ਪੀ.ਸੀ.ਐਸ ਪ੍ਰਬੰਧ ਅਤੇ ਨਿਆਂ ਦੀਆਂ ਜਥੇਬੰਦੀਆਂ ਨਾਲ ਭਰੋਸੇਯੋਗ ਤਾਲਮੇਲ ਸਿਰਜ ਕੇ, ਸਰਗਰਮ ਸੰਘਰਸ਼ ਦਾ ਭਾਰ ਆਪਣੇ ਮੋਢਿਆਂ ਤੇ ਝੱਲਕੇ PCMS, PCS (Executive & Judicial) ਨੂੰ 4,9,14 ਸਾਲ ਦੀਆਂ ਸਮਾਂਬਧ ਤਰੱਕੀਆਂ ਦਿਵਾਈਆਂ।
ਸਿਹਤ ਮਹਿਕਮੇ ਵਿੱਚ ਯੋਗ ਤਾਇਨਾਤੀ ਤੇ ਬਦਲੀ ਪਾਲਿਸੀ, ਦਵਾਈਆਂ ਖ਼ਰੀਦ ਪਾਲਿਸੀ ਬਣਵਾ ਕੇ, ਸਾਰਾ ਧਿਆਨ ਮਹਿਕਮੇਂ ਵਿੱਚੋਂ ਰਿਸ਼ਵਤਖ਼ੋਰੀ ਰੋਕਣ, ਸਿਹਤ ਸਹੂਲਤਾਂ ਨੂੰ ਸੁਧਾਰਨ ਅਤੇ ਸਰਕਾਰੀ ਹਸਪਤਾਲਾਂ ਵਿੱਚ ਲੋੜਵੰਦ ਮਰੀਜ਼ਾਂ ਨੂੰ ਸਸਤਾ ਤੇ ਮਿਆਰੀ ਇਲਾਜ਼ ਦਿਵਾਉਣ ਵੱਲ ਲਾ ਦਿੱਤਾ।
ਸਰਕਾਰੀ ਸਿਹਤ ਸੰਸਥਾਵਾਂ ਨੂੰ ਪ੍ਰਾਈਵੇਟ ਕਰਨ ਦੇ ਲੋਕ–ਮਾਰੂ ਫ਼ੈਸਲੇ ਵਿਰੁੱਧ ਸਮੂਹਿਕ ਅਸਤੀਫ਼ੇ ਦਿੱਤੇ,ਅਸੈਂਬਲੀ ਘੇਰੀ, ਗਿ੍ਰਫ਼ਤਾਰੀਆਂ ਦਿਤੀਆਂ, ਪਰ ਲੋਕ–ਹਿਤ ’ਚ ਅਡੋਲ ਰਹਿਕੇ ਸਰਕਾਰੀ ਸਿਹਤ ਸੇਵਾਵਾਂ ਬਚਾਉਣ ਲਈ ’ਵਿਸ਼ਵ–ਬੈਂਕ’ ਤੱਕ ਦੇ ਫ਼ੈਸਲੇ ਬਦਲਵਾਏ।
PCMS ਵੱਲੋਂ ਕੁਦਰਤੀ ਆਫ਼ਤਾਂ ਤੇ ਹੜ੍ਹਾਂ ਦੌਰਾਨ ਜਾਨਾਂ ਹੀਲ ਕੇ, ਫੌਜੀ ਰਾਹਤ ਤੋਂ ਵੀ ਪਹਿਲਾਂ ਪਹੁੰਚ ਕੇ, ਲੋੜਵੰਦਾਂ ਨੂੰ ਮੈਡੀਕਲ ਸਹੂਲਤਾਂ ਪਹੁਚਾਈਆਂ। ਹੜਾਂ ਦੌਰਾਨ, ਪੰਜਾਬ ਵਿੱਚ ਹੋਇਆ ਇਹ ਕੰਮ ਸਾਰੇ ਦੇਸ਼ ਵਿੱਚ ਸ੍ਰੇਸ਼ਟ ਮੰਨਿਆ ਗਿਆ।
1999 ਵਿੱਚ, ’ਸਭਿਅਚਾਰ ਅਤੇ ਵਿਰਸਾ ਸੰਭਾਲ ਮੰਚ‘ ਰਾਹੀਂ, ਪੁਰਣਿਕ ਨਗਰੀ ’ਘੁਰਾਮ’ ਵਿਖੇ ਖੰਡਰ ਬਣ ਚੁੱਕੀ ਪੁਰਾਤਤਵ ਵਿਰਾਸਤੀ ਧਾਰਮਿਕ ਯਾਦਗਾਰ ਦੀ ਮੁੜਉਸਾਰੀ ਕਰਵਾਈ। ਸਿਰਹਿੰਦ ਵਿਖੇ ਭਾਈ ਟੋਡਰਮੱਲ ਜੀ ਦੀ ਵਿਰਾਸਤੀ ਹਵੇਲੀ ਨੂੰ ਢਹਿ–ਢੇਰੀ ਹੋਣ ਤੋਂ ਬਚਾਉਣ ਵਿੱਚ ਵੀ ਫ਼ੈਸਲਾਕੁਨ ਰੋਲ ਨਿਭਾਇਆ।
2005 ਵਿੱਚ ਫ਼ਰਾਂਸ ਦੀ ਸਰਕਾਰ ਵੱਲੋਂ, ਸਕੂਲਾਂ ਵਿੱਚ ਸਿੱਖ ਬਚਿੱਆਂ ਲਈ ਦਸਤਾਰ ਸਜਾਉਣ ਤੇ ਪਾਬੰਦੀ ਲਾਉਣ ਬਾਰੇ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕਾਨੂੰਨ ਵਿਰੁੱਧ ਯੂ.ਐਨ.ਓ ਵਿੱਚ ‘1503 Procedure’ ਤਹਿਤ ਪਟੀਸ਼ਨ ਪਾਈ, ਅਤੇ ਫ਼ਰਾਂਸ, ਜਰਮਨੀ, fੲੰਗਲੈਂਡ, ਅਮਰੀਕਾ ਵਿੱਚ ਵਿੱਚ ਕੌਮਾਂਤਰੀ ਪੱਧਰ ਤੇ ਰੋਸ ਵਿਖਾਵੇ ਵੀ ਜਥੇਬੰਦ ਕੀਤੇ। ਯੂ.ਐਨ.ਓ ਨੇ ਇਹ ਪਟੀਸ਼ਨ ਮੰਨਜ਼ੂਰ ਕਰਕੇ, ਫ਼ਰਾਂਸ ਨੂੰ ਹਿਦਾਇਤ ਵੀ ਕੀਤੀ।
2010 ਵਿੱਚ, ਸਰਕਾਰ ਵੱਲੋਂ ਕੀਤੀ ਬੇਇੰਨਸਾਫ਼ੀ ਖ਼ਿਲਾਫ਼ ਸੰਘਰਸ਼ ਕਰ ਰਹੇ ਫ਼ੌਜੀਆਂ ਅਤੇ ਨਾਗਰਿਕਾਂ ਦਾ ਸਾਂਝਾ ਪੈਨਲ ਬਣਾਕੇ, ਰਾਸ਼ਟਰਪਤੀ ਨੂੰ ਪਟੀਸ਼ਨ ਪਾਈ।ਜਿਸਤੇ ਰਾਸ਼ਟਰਪਤੀ ਨੇ, ਦੇਸ਼ ਸੁਰਖਿਆ ਵਿਭਾਗ ਨੂੰ, ਰੋਸ ਪ੍ਰਗਟ ਕਰ ਰਹੇ ਫ਼ੌਜੀਆਂ ਦੀਆਂ ਹੱਕੀ ਮੰਗਾਂ ਮੰਨ ਲੈਣ ਦੀਆਂ ਹਦਾਇਤਾਂ ਜਾਰੀ ਕੀਤੀਆਂ।
2012 ਵਿੱਚ ਸੇਵਾਮੁਕਤੀ ਤੋਂ ਪਹਿਲਾਂ, ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖ਼ੇ ਸਿਵਲ ਸਰਜਨ ਵਜੋਂ ਤਾਇਨਾਤੀ ਦੌਰਾਨ, ਨਸ਼ੀਲੀਆਂ ਦਵਾਈਆਂ ਦੀ ਵਿਕਰੀ ਅਤੇ ਹੁੱਕਾਬਾਰਾਂ ਬੰਦ ਕਰਵਾਉਣ, ਭਰੂਣ ਹੱਤਿਆ, ਮਿਲਾਵਟਖ਼ੋਰੀ ਅਤੇ ਰਿਸ਼ਵਤਖ਼ੋਰੀ ਨੂੰ ਬੰਦ ਕਰਨ ਦੀਆਂ ਦਲੇਰਾਨਾ ਕਾਰਵਾਈਆਂ ਨੂੰ ਲੋਕੀਂ ਅੱਜ ਵੀ ਯਾਦ ਕਰਦੇ ਹਨ। ਜਿਸ ਮਿਸਾਲੀ ਕੰਮ ਤੋਂ ਪ੍ਰਭਾਵਤ ਹੋਕੇ, ਉਦੋਂ ਦੇ ਡਿਪਟੀ ਕਮਿਸ਼ਨਰ ਸ੍ਰੀ ਰਜਤ ਅੱਗਰਵਾਲ ਨੇ, ਲੋਕਾਂ ਤੋਂ ਯਾਦ ਪੱਤਰ ਆਪ ਮੰਗਕੇ, ਲੋਕ–ਹਿੱਤ ਵਿਚ ਸੇਵਾ ਵਿੱਚ ਵਾਧੇ ਲਈ ਲਿਖਿਆ ਪੱਤਰ, ਰਿਕਾਰਡ ਵਿੱਚ ਅੱਜ ਵੀ ਮਿਸਾਲੀ ਉਪਰਾਲਿਆਂ ਦਾ ਗਵਾਹ ਹੈ।
2019 ਵਿੱਚ, ਸੁਪਰੀਮ ਕੋਰਟ ਦੇ ‘ਫੁੱਲ–ਬੇੈਂਚ‘ ਦੇ “ਅਯੁਧਿਆ ਫ਼ੈਸਲੇ“ ‘ਚ ਸਿੱਖ ਧਰਮ ਲਈ ਵਰਤਿਆ “Cult” (ਫ਼ਿਰਕਾ) ਸ਼ਬਦ ਰੱਦ ਕਰਵਾਉਣ ਲਈ ਪਟੀਸ਼ਨ ਨੰ: 46354 of 2019 ਦਾਇਰ ਕੀਤੀ।ਜਿਸਤੇ ਚੀਫ਼ ਜਸਟਿਸ ਦੇ ਬੈਂਚ ਵੱਲੋਂ ਮਿਤੀ 11:11:2022 ਨੂੰ, ਸੁਣਵਾਈ ਉਪਰੰਤ ਸੁਪਰੀਮ ਕੋਰਟ ਵੱਲੋਂ ਸਫ਼ਾਈ ਦਰਜ ਕਰਨੀ ਪਈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਰੋਕਣ ਵਾਸਤੇ, ਗੁਰ–ਇਤਿਹਾਸ ਅਨੁਸਾਰ “ਪਹਿਰੇ ਲਾਉਣ ਦੀ ਮਰਿਆਦਾ“ ਬਹਾਲ ਕਰਨ ਦੇ ਸਾਰਥਕ ਉਪਰਾਲੇ ਅਰੰਭੇ।
2021-22 ਦੇ ਕਿਰਸਾਨੀ ਦੇ ਇਤਿਹਾਸਿਕ ਘੋਲ ਵਿੱਚ ’ਉੱਤਮ–ਖੇਤੀ’ ਕਿਰਸਾਨ ਯੂਨੀਅਨ ਰਾਹੀਂ ਸਰਗਰਮ ਰੋਲ ਨਿਭਾਇਆ।
ਹੁਣ ਵੀ, ਈ.ਵੀ.ਐਮ ਧਾਂਦਲੀ ਵਿਰੁਧ ਪਾਈ ਇੱਕ ਪਟੀਸ਼ਨ ਨੰ: 10036 of 2024 ਸੁਪਰੀਮ ਕੋਰਟ ਵਿੱਚ ਦਾਖ਼ਲ ਹੈ।
*ਸਵਾਲ: ‘ਲੋਕ–ਰਾਜ ਪੰਜਾਬ, ਕੀ ਯਤਨ ਕਰੇਗਾ, ਕਿ ਲੋਕ–ਸਭਾ ਚੋਣ 2024 ਦੌਰਾਨ, ਪੰਜਾਬ ਦੇ ਮੁੱਦੇ ਨਾ ਗੁਆਚਣ?*
ਉੱਤਰ: ’ਲੋਕ–ਰਾਜ‘ ਪੰਜਾਬ, ਇਸ ਗੱਲ ਨੂੰ ਯਕੀਨੀ ਬਣਾਉਣ ਲਈ, ਕਿ ਪੰਜਾਬ ਦੇ ਅਹਿਮ ਮੁੱਦੇ, ਪਿਛਲੀਆਂ ਚੋਣਾਂ ਵਾਂਗ, ਸਿਆਸੀ ਚਤੁਰਾਈ ਦੇ ਰਾਮ–ਰੌਲੇ ’ਚ ਨਾ ਰੋਲ ਦਿੱਤੇ ਜਾਣ, ਸਾਂਝੇ ਮੁੱਦਿਆਂ ਤੋਂ ਇਲਾਵਾ, ਹਰੇਕ ਲੋਕ–ਸਭਾ ਹਲਕੇ ਨਾਲ ਸਬੰਧਤ ਇੱਕ ਇੱਕ ਮੁੱਦਾ ਲਗਾਤਾਰ ਉਭਾਰ ਕੇ ਰੱਖੇਗਾ। ਉਦਾਹਰਣ ਵਜੋਂ:
ਸਾਂਝੇ ਮੁੱਦੇ:
1. ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ “ਪ੍ਰਗਟ ਗੁਰਾਂ ਕੀ ਦੇਹ“ ਦੇ ਗੁਰ–ਸਿਧਾਂਤ ਨੂੰ ਮੰਨਦੇ ਹੋਏ, ਸੁਪਰੀਮ ਕੋਰਟ ਨੇ “ਕਾਨੂੰਨੀ ਤੌਰ ਤੇ ਸੰਪੂਰਨ–ਹਸਤੀ“ (Jurist Rerson) ਮੰਨਿਆ ਹੋਇਆ ਹੈ।ਇਸ ਦੇ ਬਾਵਜੂਦ ਵੀ, ਕਾਨੂੰਨੀ ਤੌਰ ਤੇ ਬਣਦਾ, ਕਤਲ ਜਾਂ ਇਰਾਦਾ ਕਤਲ ਦਾ ਕੇਸ ਨਾ ਦਰਜ਼ ਕਰਕੇ, “ਸਿਰਫ਼ ਬੇਅਦਬੀ“ ਦਾ ਕੇਸ ਕਰਕੇ ਦੋਸ਼ੀਆ ਦੀ ਪੁਸ਼ਤਪਨਾਹੀ ਬੰਦ ਕਰਵਉਣਾ, ਅਤੇ ਪਹਿਰੇ ਦੀ ਗੁਰਮਰਿਆਦਾ ਬਹਾਲ ਕਰਵਾਕੇ “ਗੁਰੂ–ਅਦਬ“ ਲਈ ਬੇਅਦਬੀਆ ਨੂੰ ਹਰ ਹਾਲ ਠੱਲ੍ਹ ਪਾਉਣੀ।
2. ਨਖਿੱਧ ਹੋ ਚੁੱਕੀ ਅਮਨ–ਕਾਨੂੰਨ ਦੀ ਹਾਲਤ ਸੁਧਾਰਨਾ ਅਤੇ “ਨਿਆਂ ਕਾਨੂੰਨ ਸੁੱਰਖਿਆ“ ਬਹਾਲ ਕਰਨਾ।
3. ਬੇਰੋਕ ਮਿਲਾਵਟਖ਼ੋਰੀ ਕਰਕੇ,ਮਾਸੂਮ ਬੱਚਿਆਂ ਦੀਆ ਜਾਨਾਂ ਗਵਾਚਣ ਦੀਆਂ ਅਤਿ ਦੁਖਦਾਈ ਖ਼ਬਰਾਂ ਆ ਰਹੀਆਂ ਹਨ।ਦੁੱਧ, ਫ਼ਲ, ਸਬਜ਼ੀਆਂ, ਬਰੈਡ, ਕੇਕ, ਪੇਸਟਰੀਆਂ, ਵਗੈਰਾ ਖਾਣ–ਪੀਣ ਵਾਲੇ ਸਭ ਪਦਾਰਥ ਮਿਲਾਵਟੀ ਤੇ ਜ਼ਹਿਰੀਲੇ ਕਰ ਦਿੱਤੇ ਗਏ ਹਨ। ਵੱਡੇ ਤਾਂ ਕੀ ਬੱਚੇ ਵੀ ਸੁਰੱਖਿਅਤ ਨਹੀਂ ਹਨ। ਮਿਲਾਵਟ ਰੋਕਣ ਲਈ ਮਿਸਾਲੀ ਕਾਇਦੇ–ਕਾਨੂਨ ਅਤੇ ਸਜਾਵਾਂ ਯਕੀਨੀ ਬਣਾਉਣੀਆਂ।
4. ਬੰਜਰ ਬਣਨ ਦੀ ਕਗ਼ਾਰ ਤੇ ਪਹੁੰਚ ਚੁੱਕੇ, ਪੰਜਾਬ ਨੂੰ ਪੱਕੇ ਉਜਾੜੇ ਤੋਂ ਰੋਕਣ ਲਈ ਪੰਜਾਬ ਦੇ ਦਰਿਆਈ ਅਤੇ ਧਰਤੀ ਹੇਠਲੇ ਪਾਣੀਆਂ ਦੀ ਅੰਨ੍ਹੀ ਲੁੱਟ ਨੂੰ ਹਰ ਹਾਲ ਵਿੱਚ ਰੋਕਣਾ, ਅਤੇ ਪੰਜਾਬ ਦੇ ਦਰਿਆਵਾਂ ਉੱਪਰ ਬਣੇ ਡੈਮਾਂ ਦਾ ਕੰਟਰੋਲ ਲੈਣਾ।
5. ਨਸ਼ਿਆਂ ਦੀ ਭੇਟ ਚੜ੍ਹ ਚੱਲੀ ਪੰਜਾਬ ਦੀ ਅਣਖ਼ੀਲੀ ਜਵਾਨੀ ਨੂੰ, ਮਾਰੂ ਨਸ਼ਿਆ ਨਾਲ ਮਾਰ–ਮੁਕਾਉਣ ਲਈ, ਸਿਆਸੀ–ਛਤਰੀ ਥੱਲੇ ਵਗ ਰਿਹਾ ਨਸ਼ਿਆਂ ਦਾ ਦਰਿਆ, ਹਰ ਹਾਲ ਬੰਦ ਕਰਵਾਉਣਾ।
6. ਨਿਜੀਕਰਨ ਦੀ ਨੀਤੀ ਬਦਲ ਕੇ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਅਤੇ ਰੁਜ਼ਗਾਰ ਦੇ ਵਿਆਪਕ ਮੌਕੇ ਤਰਾਸ਼ਣੇ।ਤਾਂ ਜੋ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਵਿੱਚ, ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਨਿਰੰਤਰ ਉਜਾੜੇ ਨੂੰ ਠੱਲ੍ਹ ਪਾਈ ਜਾ ਸਕੇ।
7. “ਜੈ ਜਵਾਨ ਜੈ ਕਿਸਾਨ“ ਦੇ ਮੁੱਦੇ; ‘ਵਨ ਰੈਂਕ ਵਨ ਪੈਨਸ਼ਨ‘ (OROP), ਅਤੇ ਸਭ ਫ਼ਸਲਾਂ ਦੀ ਖ਼ਰੀਦ ਸਵਾਮੀਨਾਥਨ ਕਮਿਸ਼ਨ ਦੇ ਫ਼ਾਰਮੂਲੇ ਮੁਤਾਬਿਕ MSP ਤੇ ਖਰੀਦਣ ਦਾ ਕਾਨੂੰਨ ਬਣਵਾਉਣਾ। ਸ਼ੁਭਕਰਨ ਦੀ ਕਾਤਲ ਹਰਿਆਣਾ ਪੁਲੀਸ ਨੂੰ ਸਜ਼ਾ ਦਿਵਾਉਣੀ।
8. ਨਿਜੀਕਰਨ ਦੀ ਨੀਤੀ ਬਦਲਕੇ ਸਸਤੀਆਂ (affordable), ਮਿਆਰੀ ਸਰਕਾਰੀ ਸਿੱਖਿਆ ਅਤੇ ਸਿਹਤ ਸੇਵਾਵਾਂ ਦਿਵਾਉਣਾ।
9. ਵਾਤਾਵਰਣ ਪਰਦੂਸ਼ਣ: ਮਿੱਟੀ, ਪਾਣੀ, ਹਵਾ ਦੇ ਲਗਾਤਾਰ ਵਧ ਰਹੇ ਪਰਦੂਸ਼ਣ ਨੂੰ ਨਾ ਰੋਕਣ ਕਰਕੇ, ਪੰਜਾਬ ਕੈਂਸਰ ਦਾ ਗੜ੍ਹ ਬਣ ਚੁੱਕਾ ਹੈ, ਪਰਜਨਣ ਵਿੱਚ ਗੰਭੀਰ ਸਮੱਸਿਆਵਾਂ ਉੱਭਰ ਰਹੀਆਂ ਹਨ, ਅਪੰਗਤਾ ਦਰ ਵਧ ਰਹੀ ਹੈ।ਵਾਤਾਵਰਨ ਪਰਦੂਸ਼ਣ ਦੀ ਰੋਕ–ਥਾਮ ਬਹੁਤ ਜ਼ਰੂਰੀ ਹੈ।
10. ਅਵਾਰਾ ਪਸ਼ੂਆਂ ਕਰਕੇ, ਸੜਕ ਹਾਦਸਿਆਂ ਵਿੱਚ, ਨਿਤ ਦਿਨ ਗਵਾਚਦੀਆਂ, ਕੀਮਤੀ ਮਨੁੱਖ਼ੀ ਜਾਨਾਂ ਬਚਾਉਣ ਲਈ ਤੁਰੰਤ ਪੁਖ਼ਤਾ ਪ੍ਰਬੰਧ ਕਰਵਾਉਣਾ।
*ਲੋਕ–ਸਭਾ ਹਲਕਿਆਂ ਦੇ ਮੁੱਦੇ:*
1. ਅੰਮ੍ਰਿਤਸਰ: ਲਾਂਘੇ ਖ੍ਹੋਲਕੇ ਥਲ–ਰੂਟ ਰਾਹੀਂ, ਕੌਮਾਂਤਰੀ ਵਪਾਰ, ਐਮਬੈਸੀਆਂ ਖ਼ੋਲ੍ਹਣੀਆ, ਅਤੇ ਅਕਾਲ ਤਖ਼ਤ–ਦਰਬਾਰ ਸਾਹਿਬ ਦੀ ਗੁਰਮਰਿਆਦਾ ਅਤੇ ਸੁਰੱਖਿਆ ਲਈ “ਵੈਟੀਕਨ ਵਰਗਾ ਕੌਮਾਂਤਰੀ ਦਰਜਾ” ਲੈਣਾ।
2. ਖ਼ਡੂਰ ਸਾਹਿਬ: ਬੀਤੇ ਵਿੱਚ,ਮਨੁੱਖ਼ੀ ਅਧਿਕਾਰਾਂ ਦੇ ਕੀਤੇ ਅਭੁੱਲ ਅਣਮਨੁਖ਼ੀ ਘਾਣ ਨੂੰ ਭਵਿੱਖ ਵਿੱਚ ਹੋਣੋ ਰੋਕਣ ਲਈ ਮਨੁਖ਼ੀ ਅਧਿਕਾਰਾਂ ਨੂੰ ਯਕੀਨੀ ਸੁਰੱਖ਼ਿਅਤ ਰੱਖਣ ਦੇ ਕੌਮੀ ਅਤੇ ਕੌਮਾਂਤਰੀ ਲੋਕਤੰਤਰਿਕ ਯਤਨ ਕਰਨੇ।
3. ਗੁਰਦਾਸਪੁਰ: ਸਰਹਦੋਂ ਪਾਰ, ਨਾਨਕਆਣਾ ਸਾਹਿਬ ਤੇ ਹੋਰ ਗੁਰਧਾਮਾਂ ਦੇ, ਖੁਲ੍ਹੇ ਦਰਸ਼ਨ ਦੀਦਾਰ ਲਈ ਕੌਮੀ ਅਤੇ ਕੌਮਾਤਰੀ ਪੱਧਰ ਦੇ ਉੱਦਮ ਲਈ ਵਚਨਬੱਧਤਾ।
4. ਬਠਿੰਡਾ: ਸ੍ਰ ਸ਼ੁਭਦੀਪ ਸਿੰਘ “ਸਿਧੂ ਮੂਸੇਵਾਲੇ” ਦੇ ਕਤਲ ਤੋਂ ਬਾਅਦ ਲਗ਼ਾਤਾਰ ਬਦਤਰ ਹੋਈ, ਅਤੇ ਹੁਣ ਨਖਿੱਧ ਹੋ ਚੁੱਕੀ ਅਮਨ–ਕਾਨੂੰਨ ਦੀ ਹਾਲਤ ਸੁਧਾਰਨਾ ਅਤੇ “ਨਿਆਂ ਕਾਨੂੰਨ ਸੁੱਰਖਿਆ“ ਬਹਾਲ ਕਰਨਾ।
5. ਫ਼ਰੀਦਕੋਟ: ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ, ਗੁਰੂ–ਅਦਬ ਯਕੀਨੀ ਬਣਾਉਣਾ ਅਤੇ ਸਿਆਸੀ ਛਤਰੀ ਥੱਲੇ ਗੁਰਸਿੱਖੀ ਨੂੰ ਲਾਈਆਂ ਜਾ ਰਹੀਆਂ ਸਾਜਿਸ਼ੀ ਢਾਹਾਂ ਦੀ ਰੋਕਥਾਮ। ਸਿੱਖ ਕੈਦੀਆ ਦੀ ਰਿਹਾਈ।
6. ਫ਼ਿਰੋਜ਼ਪੁਰ: ਦਰਿਆਈ ਪਾਣੀ, ਨਵੀਆਂ ਨਹਿਰਾਂ, ਹੜ੍ਹਾਂ ਦੀ ਮਾਰ ਤੇ BBMਬ ਦਾ ਕੰਟਰੋਲ ਹਾਸਲ ਕਰਨਾ।
7. ਜਲੰਧਰ: “ਵਨ ਰੈਂਕ ਵਨ ਪੈਨਸ਼ਨ“ (OROP) ਅਤੇ ਫ਼ਸਲਾਂ ਦਾ ਵਾਜਬ ਮੁੱਲ (MSP), ਜਲੰਧਰ ਨੂੰ ਉਚੇਰੀ ਵਿੱਦਿਆ, ਮੈਡੀਕਲ ਰਿਸਰਚ ਅਤੇ ਖੇਡਾਂ ਦੀ ਕੌਮਾਂਤਰੀ ਹੱਬ ਦੇ ਤੌਰ ਤੇ ਡਿਵੈਲਪ ਕਰਨਾ।
8. ਹੋਸ਼ਿਆਰਪੂਰ: ਹੋਸ਼ਿਆਰਪੁਰ ਨੂੰ ਕੌਮਾਂਤਰੀ ਹਰਬਲ ਮੈਡੀਸਿਨ, ਨੈਚਰੋਪੈਥੀ, ਮੈਡੀਕਲ ਟੂਰਿਜ਼ਮ ਅਤੇ ਸੈਰ–ਸਪਾਟੇ ਲਈ ਡਿਵੈਲਪ ਕਰਨਾ।
9. ਅਨੰਦਪੁਰ ਸਾਹਿਬ: ਸ੍ਰੀ ਗੁਰੂ ਹਰਿਰਾਏ ਸਾਹਿਬ ਨੂੰ ਸਮਰਪਿਤ, ਕੌਮਾਂਤਰੀ ਪੱਧਰ ਦੀਆਂ ਹਰਬਲ ਫ਼ਾਰਮੇਸੀਆਂ ਅਤੇ ਰਿਸਰਚ ਸੈਂਟਰ ਬਣਾ ਕੇ ਹਰਬਲ ਮੈਡੀਸਿਨ ਦੀ ਕੌਮਾਂਤਰੀ ਮਾਰਕੀਟ ਵਿੱਚ ਭਾਈਵਾਲੀ ਹਾਸਲ ਕਰਨੀ।
ਭਾਖ਼ੜਾ ਡੈਮ ਤੋਂ ਮਾਰੂ ਹੜ੍ਹਾਂ ਦੀ ਮਾਰ
ਰੋਕਣ ਲਈ ਡੈਮ ਕੰਟਰੋਲ ਲੈਣਾ।
10. ਲੁਧਿਆਣਾ: ਉਦਯੋਗ ਅਤੇ ਵਪਾਰ ਦੇ ਕੌਮਾਂਤਰੀ ਸੈਂਟਰ ਵਜੋਂ ਡਿਵੈਲਪ ਕਰਨਾ।
11. ਫ਼ਤਿਹਗੜ੍ਹ ਸਾਹਿਬ: ਖ਼ੰਡਰ ਬਣੀ ਭਾਈ ਟੋਡਰ ਮੱਲ ਜੀ ਦੀ ਹਵੇਲੀ ਅਤੇ ਹੋਰ ਸਿੱਖ ਵਿਰਾਸਤ ਦੀ ਸਾਂਭ ਸੰਭਾਲ ਅਤੇ ਧਾਰਮਿਕ ਟੂਰਿਜ਼ਮ ਨੂੰ ਡਿਵੈਲਪ ਕਰਨਾ।ਮੰਡੀ ਗੋਬਿੰਦਗੜ੍ਹ ਇੰਡਸਟਰੀ ਬਚਾਉਣਾ।
12. ਪਟਿਆਲਾ: ਵਿਰਾਸਤੀ ਸ਼ਹਿਰ ਅਤੇ ਫ਼ਿਲਮ–ਸਿਟੀ ਵਜੋਂ ਡਿਵੈਲਪਮੈਂਟ, ਪੁਰਾਣਿਕ ਅਸਥਾਨਾਂ ਦੀ ਖੋਜ ਅਤੇ ਨਿਸ਼ਾਨਦੇਹੀ।ਪੁਰਾਤਤਵ ਦੀ ਖੋਜ ਕਰਕੇ ਪੰਜਾਬ ਸਟੇਟ ਗੈਜ਼ੇਟੀਅਰ ਵਿੱਚ ਕਲਮਬੰਦ ਕਰਕੇ ਪੁਰਾਤਨ ਇਤਿਹਾਸ ਸੰਭਾਲਣਾ।
13. ਸੰਗਰੂਰ: ਫ਼ੈਡਰਲਿਜ਼ਮ, ਸੂਬਿਆਂ ਨੂੰ ਵੱਧ ਅਧਿਕਾਰ/ਖ਼ੁਦਮੁਖ਼ਤਾਰੀ ਲੈਣੀ।
14. ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ, ਪੰਜਾਬ ਯੂਨੀਵਰਸਿਟੀ ਦਾ ਕੰਟਰੋਲ, ਦਫ਼ਤਰੀ, ਵਿਦਿਅਕ ਅਤੇ ਹੋਰ ਅਦਾਰਿਆ ਵਿੱਚ ਪਹਿਲਾਂ ਮਿਥੇ ਅਨੁਪਾਤ ਨੂੰ ਖ਼ੋਰਾ ਨਾ ਲੱਗਣ ਦੇਣਾ, ਬੰਦ ਕੀਤੀ ਕੈਠੇਡੀਅਨ ਅੰਮਬੈਸੀ ਮੁੜ ਖੋਲ੍ਹਣੀ।
*ਸਵਾਲ: ਅਮਨ ਕਾਨੂੰਨ ਪ੍ਰਬੰਧ ਬਾਰੇ ਕੀ ਕਹਿਣਾ ਚਾਹੋਂਗੇ ?*
*”ਕਿਸੇ ਵੀ ਸਰਕਾਰ ਦਾ ਸਭ ਤੋਂ ਮੁਢਲਾ ਫ਼ਰਜ਼ ਅਮਨ, ਕਾਨੂੰਨ ਦਾ ਰਾਜ, ਜਾਨ–ਮਾਲ ਦੀ ਸੁਰੱਖਿਆ ਹੁੰਦਾ ਹੈ। ਕਾਨੂੰਨ ਵਿਵਸਥਾ ਦਾ ਮੁਕੰਮਲ ਪਤਨ“ ਅਤਿਅੰਤ ਚਿੰਤਾ ਦਾ ਵਿਸ਼ਾ ਹੈ। ਜਿੱਥੇ “ਕਾਨੂੰਨ ਦੇ ਰਾਜ“ ਦੀ ਥਾਂ ਬਲਾਤਕਾਰੀਆਂ, ਅਗਵਾਕਾਰਾਂ, ਕਾਤਲਾਂ, ਡਕੈਤਾਂ, ਨਸ਼ੇੜੀਆਂ, ਮਿਲਾਵਟਖ਼ੋਰਾਂ ਦੀ ਰਿਸ਼ਵਤਖੋਰ ਬੇਜ਼ਮੀਰ “ਝੂਠ–ਪਾਪ ਦੀਆਂ ਸਰਕਾਰਾਂ“ ਵੱਲੋਂ ਪੁਸ਼ਤਪਨਾਹੀ ਹੋਣ ਕਰਕੇ, ਹਾਲਾਤ ਏਨੇ ਗ਼ਰਕ ਚੁੱਕੇ ਹਨ ਕਿ “ਅਣਭੋਲ ਮਾਸੂਮ ਅਧਖਿੜੇ ਫ਼ੁੱਲ“ ਘਰ ਬੈਠੇ ਜ਼ਹਿਰ ਖੁਆਕੇ ਮਾਰੇ ਜਾਣ ਲੱਗ ਪਏ ਹਨ। ਅਪਰਾਧੀਆਂ ਨੂੰ “ਕਾਨੂੰਨ ਤੋਂ ਡਰ” ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ।*
*ਸੁੱਤਿਆਂ ਨੂੰ ਜਾਗਣ ਅਤੇ ਏਕਾ ਕਰਨ ਦੀ ਲੋੜ ਹੈ! ਬੇਹੱਦ ਦਰਦਨਾਕ ਅਤੇ ਚਿੰਤਾਜਨਕ ਸਥਿਤੀ ਹੈ! “ਝੂਠ ਦੇ ਰਾਜ“ ਨੂੰ ਪਲਟਾਕੇ ਪ੍ਰੇਮ–ਹੱਕ–ਇਨਸਾਫ਼ ਦਾ ਸੁਖ਼ਦਾਈ, “ਸੱਚ ਦਾ ਰਾਜ“ ਸਥਾਪਿਤ ਕਰਨਾ! ਨਸਲਾਂ–ਫ਼ਸਲਾਂ–ਜਾਨਾਂ ਬਚਾਉਣ ਦਾ ਉਪਰਾਲਾ ਕਰਨਾ ਬੇਹਦ ਜ਼ਰੂਰੀ ਹੈ !!*
*ਵਾਹਿਗੁਰੂ ਦੀ ਓਟ ਆਸਰਾ ਲੈਕੇ, ਪਰਉਪਕਾਰੀ ਸੁਖਦਾਈ, “ਸੱਚ ਦਾ ਰਾਜ“ ਲਿਆਉਣ ਵਾਸਤੇ, “ਸੱਚ ਦੇ ਪਿੜ“ ਦੀ ਸਥਾਪਨਾ ਕਰਨ ਦਾ ਇਹ ਜਥੇਬੰਦਕ ਉਪਰਾਲਾ, ਅਰੰਭਿਆ ਗਿਆ ਹੈ। ‘ਲੋਕ–ਰਾਜ‘ ਪੰਜਾਬ ਸਬੰਧੀ ਇਹ ਉੱਦਮ ਲੋਕਤੰਤਰ ਵਿੱਚ “ਵੋਟ ਦੇ ਨਿਜਬਲ“ ਦੀ ਉਚਿੱਤ ਵਰਤੋਂ ਕਰਨ ਲਈ, ਮੁਢਲੀ ਘਾਟ ਨੂੰ ਪੂਰਾ ਕਰਨ ਲਈ ਬੇਹੱਦ ਜ਼ਰੂਰੀ ਸੀ।*
*ਪ੍ਰਸ਼ਨ: ਰਾਜ ਪ੍ਰਵਰਤਨ ਦਾ ਉਪਰਾਲਾ ਕਿਉਂ ਜਰੂਰੀ ਹੈ ?*
ਉੱਤਰ: ਪੰਜਾਬ ਦੀ ਜਵਾਨੀ ਨੂੰ ਮਾਰ ਮੁਕਾਉਣ ਲਈ ਨਸ਼ਿਆ ਦਾ ਦਰਿਆ, “ਕਾਨੂੰਨ ਵਿਵਸਥਾ ਦਾ ਮੁਕੰਮਲ ਪਤਨ“, ਪੰਜਾਬੀ ਸਭਿਅਤਾ ਦੀਆ ਉੱਚੀਆਂ ਸੁੱਚੀਆ ਕਦਰਾਂ ਕੀਮਤਾਂ ਬਰਬਾਦ ਕਰਨ ਲਈ ਲਚਰਪੁਣੇ ਦਾ ਨੰਗਾ ਨਾਚ, ਅਤਿਅੰਤ ਚਿੰਤਾ ਦਾ ਵਿਸ਼ਾ ਹੈ।
ਹੁਣ ਤਾਂ “ਕਾਨੂੰਨ ਦੇ ਰਾਜ“ ਦੀ ਥਾਂ ਸਰਕਾਰਾਂ, ਹੁਣ ਬਲਾਤਕਾਰੀਆਂ, ਅਗਵਾਕਾਰਾਂ, ਕਾਤਲਾਂ, ਡਕੈਤਾਂ, ਨਸ਼ੇੜੀਆਂ, ਮਿਲਾਵਟਖ਼ੋਰਾਂ ਦੀ ਪੁਸ਼ਤਪਨਾਹੀ ਕਰ ਰਹੀਆਂ ਹਨ।
ਜੋ ਰਿਸ਼ਵਤਖੋਰ ਅਤੇ ਬੇਜ਼ਮੀਰ “ਝੂਠ–ਪਾਪ ਦੀਆਂ ਸਰਕਾਰਾਂ“ ਹੋਣ ਕਰਕੇ, ਹਾਲਾਤ ਏਨੇ ਗ਼ਰਕ ਚੁੱਕੇ ਹਨ, ਕਿ “ਅਣਭੋਲ ਮਾਸੂਮ ਅਧਖਿੜੇ ਫ਼ੁੱਲ“ ਘਰ ਬੈਠੇ ਜ਼ਹਿਰ ਖਵਾ ਖਵਾ ਕੇ ਮਾਰੇ ਜਾਣ ਲੱਗ ਪਏ ਹਨ।
ਜਿਸ ਦੀਆਂ ਪ੍ਰਤੱਖ ਉਦਾਹਰਣਾਂ, ਸਿੱਧੂ ਮੂਸੇਵਾਲੇ ਦਾ ਕਤਲ, ਆਏ ਦਿਨ ਲੁੱਟਾਂਖੋਹਾਂ, ਬਲਾਤਕਾਰ, ਤਰਨਤਾਰਨ ਦੇ ਪਿੰਡ ਵਿੱਚ ਇਕ ਮਾਂ ਨੂੰ ਨੰਗੀ ਕਰਕੇ ਘੁਮਾਉਣਾ, ਜਨਮਦਿਨ ਦਾ ਮਿਲਾਵਟੀ ਜ਼ਹਿਰੀਲਾ ਕੇਕ ਖਾਣ ਕਰਕੇ, ਅੰਤਰ ਆਤਮਾ ਨੂੰ ਝੰਜੋੜਦੀ, ਦਸ ਸਾਲ ਦੀ ਬੱਚੀ ਦੀ ਅਤਿ–ਦੁਖ਼ਦਾਈ ਮੌਤ ਹਨ।
ਲੱਖ ਲਾਹਨਤ ਹੈ ਅਜਿਹੇ ਪਸ਼ੂਆਂ ਤੋਂ ਵੀ ਬਦਤਰ ਡਰਪੋਕ ਬੇਗ਼ੈਰਤ ਜੀਵਨ ਤੇ ਜੋ ਆਪਣੇ ਬੱਚਿਆਂ ਦੀ ਜਾਨ ਨਾ ਬਚਾ ਸਕੇ।
ਅਜੋਕੀ ਸਥਿਤੀ, ਬੇਹੱਦ ਦਰਦਨਾਕ ਚਿੰਤਾਜਨਕ ਹੈ! “ਝੂਠ ਦੇ ਰਾਜ“ ਨੂੰ ਪਲਟਾਕੇ ਪ੍ਰੇਮ–ਹੱਕ–ਇਨਸਾਫ਼ ਦਾ ਸੁਖ਼ਦਾਈ, “ਸੱਚ ਦਾ ਰਾਜ“ ਸਥਾਪਿਤ ਕਰਨਾ, ਨਸਲਾਂ–ਫ਼ਸਲਾਂ–ਜਾਨਾਂ ਬਚਾਉਣ ਦਾ ਉਪਰਾਲਾ ਕਰਨਾ ਅਤਿ ਜ਼ਰੂਰੀ ਬਣ ਚੁੱਕਾ ਹੈ।
*ਪ੍ਰਸ਼ਨ: ਲੋਕ–ਤੰਤਰ‘ ਦੇ ਸਵਿੰਧਾਨ ਨੂੰ ਬਚਾਉਣਾ ਕਿਉਂ ਜ਼ਰੂਰੀ ਹੈ ?*
ਉੱਤਰ: ਰਾਜ ਦੋ ਤਰ੍ਹਾਂ ਦਾ ਹੁੰਦਾ ਹੈ ਰਾਜਤੰਤਰ ਅਤੇ ਲੋਕਤੰਤਰ। ਰਾਜਤੰਤਰ ਵਿੱਚ “ਸਖ਼ਸ਼ੀ ਹਕੂਮਤ ਅਤੇ ਰਾਜੇ ਦੇ ਰਹਿਮੋ–ਕਰਮ ਤੇ ਮਨੁੱਖ਼ੀ ਹੱਕਾਂ ਤੋਂ ਵਾਂਝੀ ਪਰਜਾ“, ਜੋ ਗੁਲਾਮੀ ਦਾ ਜੀਵਨ ਜੀਉਣ ਲਈ ਮਜ਼ਬੂਰ ਹੁੰਦੀ ਹੈ।ਇਤਿਹਾਸ ਗਵਾਹ ਹੈ ਕਿ ਰਾਜਤੰਤਰ ਵਿੱਚ ਜਦੋਂ ਵੀ ਅਣਮਨੁਖ਼ੀ ਜ਼ਾਲਮ ਰਾਜੇ ਆਏ, ਲੋਕਾਂ ਨੂੰ ਨਰਕ ਤੋਂ ਬਦਤਰ ਜ਼ਿੰਦਗੀ ਤੋਂ ਤੰਗ ਆਕੇ, ਖ਼ੂਨੀ ਬਗਾਵਤ ਹੀ ਕਰਨੀ ਪਈ। ਆਓ! ਕੋਸ਼ਿਸ਼ ਕਰੀਏ ਕੇ ਅਜਿਹੇ ਸਮੇਂ ਦੀ ਨੌਬਤ ਨਾ ਆਵੇ।
ਲੋਕਤੰਤਰ ਵਿੱਚ ਰਾਜਸੱਤਾ ਤੇ ਬਿਠਾਉਣ ਅਤੇ ਲਾਹੁਣ ਦੀ ਤਾਕਤ ਲੋਕਾਂ ਕੋਲ ਹੁੰਦੀ ਹੈ।ਜਿਸ ਕਰਕੇ ਰਾਜਸੱਤਾ “ਮਨੁਖ਼ੀ ਹੱਕਾਂ“ ਦੀ ਉਲੰਘਣਾ ਨਾ ਕਰਨ ਲਈ ਕਾਨੂੰਨਨ ਪਾਬੰਦ ਰਹਿੰਦੀ ਹੈ।ਜਿਸ ਕਰਕੇ ਰਾਜ ਸੁਖਦਾਈ ਰਹਿੰਦਾ ਹੈ, ਅਤੇ ਰਾਜਸੱਤਾ ਸੌਖ਼ੀ ਹੀ ਪਲਟਾਈ ਜਾ ਸਕਦੀ ਹੈ।
ਕਿਸੇ ਸ਼ਬਦੀ ਮਾਯਾਜਾਲ ਦੀ “ਸੰਮੋਹਿਤ ਅਵਸਥਾ” ਵਿੱਚ ਫ਼ਸਕੇ, ਭੁਲੇਖ਼ੇ ਜਾਂ ਧੋਖ਼ੇ ਵਿੱਚ ਆਕੇ, ਲੋਕਤੰਤਰ ਨੂੰ ਰਾਜਤੰਤਰ ਵਿਚ “ਆਪਣੇ ਹਥੀਂ ਬਦਲ ਦੇਣਾ” ਲੋਕਾਂ ਦੀ “ਮਹਾਂ ਮੂਰਖ਼ਤਾ ਹੋਵੇਗੀ“। ਜਿਸਦੀ ਕੀਮਤ ਆਉਣ ਵਾਲੀਆ ਪੀੜ੍ਹੀਆਂ ਨੂੰ ਅਣਗਿਣਤ ਜਾਨਾਂ ਦੇਕੇ ਚੁਕਾਉਣੀ ਪਵੇਗੀ।
ਇਸ ਲਈ “ਮੌਜ਼ੂਦਾ ਲੋਕ–ਸਭਾ ਚੋਣ” ਬਹੁਤ ਹੀ ਅਹਿਮ ਅਤੇ ਇਤਿਹਾਸਕ ਹੈ।
* ‘ਲੋਕ–ਰਾਜ‘ ਪੰਜਾਬ ਸੰਸਥਾ, ਜਿਵੇਂ ਕਿ ਇਸਦੇ ਨਾਂ ਤੋਂ ਹੀ ਸਪਸ਼ਟ ਹੈ, ਲੋਕ–ਰਾਜ ਨੂੰ ਮਨੁਖ਼ੀ ਹੱਕਾਂ ਤੋਂ ਵਾਂਝੇ ਰਾਜਪ੍ਰਬੰਧ ਦੇ ਅੰਨੇ ਖੂਹ ਵਿੱਚ ਡਿੱਗਣ ਤੋਂ ਬਚਾਉਣ ਲਈ ਹੋਂਦ ਵਿੱਚ ਆਈ ਹੈ, ਅਤੇ ਇਸ ਸਬੰਧੀ ਹਰ ਸੰਭਵ ਉਪਰਾਲਾ ਕਰਨ, ਅਤੇ ਪੰਜਾਬ ਦੀ ਧਰਤੀ, ਪਾਣੀ, ਬੋਲੀ, ਸਭਿਅਚਾਰ ਤੇ ਵਿਰਸਾ ਬਚਾਉਣ ਲਈ ਵਚਨਬੱਧ ਹੈ।
*ਸਵਾਲ: ਮੌਜ਼ੂਦਾ ਸਮੇ ਪੰਜਾਬ ਸਰਕਾਰ ਦੀ ਅਤਿ ਮਾੜੀ ਕਾਰਗੁਜ਼ਾਰੀ ਦਾ ਕੀ ਕਾਰਨ ਹੈ ?*
ਉੱਤਰ: ਇਸਦਾ ਅਸਲ ਕਾਰਨ, ਤਜ਼ਰਬਾ ਉੱਕਾ ਹੀ ਨਾ ਹੋਣ ਤੋਂ ਇਲਾਵਾ, “ਮੈਨੂੰ ਸਭ ਪਤੈ” ਦੀ ਮੂੜ੍ਹਮੱਤ ਵੀ ਹੈ। ਜੋ ਇੱਕ ਬਹੁਤ ਹੀ ਅਫ਼ਸੋਸਨਾਕ ਪਹਿਲੂ ਹੈ।
ਪੰਜਾਬ ਸਰਕਾਰ ਦੀ ਬਹੁਤੇ ਞਿਸ਼ਿਆਂ/ਮਹਿਕਮਿਆਂ ਦੀ ਕੋਈ ਲਿਖ਼ਤੀ ਨੀਤੀ (policy) ਹੀ ਨਹੀਂ ਹੈ। ਤਜ਼ਰਬੇ ਦੀ ਘਾਟ ਅਤੇ ਕੋਈ ਨੀਤੀਬੱਧ ਦਿਸ਼ਾ ਨਿਰਦੇਸ਼ ਨਾ ਹੋਣ ਕਰਕੇ, ਮਹਿਕਮੇ ਦੇ ਵਜ਼ੀਰ ਨੂੰ ਕੋਈ ਸੋਝੀ ਨਹੀਂ। ਅਫਸਰਸ਼ਾਹੀ ਆਪਹੁਦਰੀ ਚਲਦੀ ਹੈ। ਕੋਈ ਅਨੁਸਾਸ਼ਨ ਰਹਿ ਹੀ ਨਹੀ ਸਕਦਾ। ਜਿਸ ਕਰਕੇ “ਅੰਨ੍ਹੇ ਨੂੰ ਬੋਲਾ ਘੜੀਸ” ਰਿਹਾ ਹੈ।
*ਸਵਾਲ: ਕੀ ‘ਲੋਕ–ਰਾਜ‘ ਪੰਜਾਬ ਸੁਚੱਜਾ ਪ੍ਰਬੰਧ ਦੇ ਸਕਦਾ ਹੈ ? ਜੇ ਦੇ ਸਕਦਾ ਹੈ, ਤਾਂ ਕਿਵੇਂ ?*
ਉੱਤਰ: ‘ਲੋਕ਼–ਰਾਜ‘ ਪੰਜਾਬ, ਨੀਤੀਬਧ ਤਰੀਕੇ ਨਾਲ, ਯੋਗ ਪ੍ਰਸਾਸ਼ਨਿਕ ਪ੍ਰਬੰਧ ਚਲਾਉਣ ਦਾ ਮੁਦਈ ਹੈ ਅਤੇ ਤਜ਼ਰਬਾ ਵੀ ਰੱਖਦਾ ਹੈ। ਕਾਨੂੰਨ–ਨਿਆਂ–ਸੁਰੱਖਿਆ ਦਾ ਰਾਜ–ਪ੍ਰਬੰਧ ਬਹਾਲ ਕਰਨ ਲਈ:
1. ਨਿਆਂ ਕਾਨੂੰਨ ਸੁਰੱਖਿਆ ਨੀਤੀ: ਬਿਨਾਂ ਦੇਰੀ ਦੇ, ਸਮੇਂ–ਸਿਰ ਨਿਆਂ ਦੇਣ ਲਈ, ਅਤੇ ਗ਼ੈਰ ਸਮਾਜੀ ਅਨਸਰਾਂ ਅਤੇ ਰਿਸ਼ਵਤਖ਼ੋਰਾਂ ਦੀ ਨਕੇਲ ਕਸਣ ਵਾਸਤੇ, ਜੱਜਾਂ ਅਤੇ ਅਦਾਲਤਾਂ ਦਾ ਪਹਿਲ ਦੇ ਅਧਾਰ ਤੇ ਤਿੰਨ ਗੁਣਾ ਵਾਧਾ।ਰਿਸ਼ਵਤਖ਼ੋਰ ਅਤੇ ਨਾਕਾਬਲ ਪੁਲਿਸ ਕਰਮੀਆਂ/ਅਫ਼ਸਰਾਂ ਦੀ ਛਾਂਟੀ ਅਤੇ ਯੋਗ ਉਮੀਦਵਾਰ ਦੀ ਨਵੀ ਭਰਤੀ। ਅਮਨ–ਕਾਨੂੰਨ ਬਹਾਲ ਨਾ ਰੱਖ ਸਕਣ ਵਾਲੇ, “ਨਾਕਾਬਲ” SHO, ਸਬ–ਡਿਵੀਜ਼ਨ DSP, ਜ਼ਿਲ੍ਹਾ SSP ਦੀ ਮੁੜ ਤੈਨਾਤੀ ਤੇ ਰੋਕ ਲੱਗੇਗੀ।
2. ਜਲ ਸੰਭਾਲ ਨੀਤੀ: ਦਰਿਆਈ ਪਾਣੀਆਂ ਅਤੇ ਡੈਮਾਂ ਤੇ ਪੰਜਾਬ ਦਾ ਕੰਟਰੋਲ ਹਰ ਹਾਲਤ ‘ਚ ਬਹਾਲ ਕਰਨਾ, ਨਵੀਆਂ ਨਹਿਰਾਂ/ਸੂਇਆਂ ਦਾ ਜਾਲ, ਪੰਜਾਬ ਦੇ ਪਾਣੀ ਦੀ ਹਰ ਤਰ੍ਹਾਂ ਦੀ ਲੁੱਟ ਕਾਨੂੰਨਨ ਬੰਦ ਹੋਵੇਗੀ।
3. ਭੂਮੀ ਸੰਭਾਲ ਨੀਤੀ: ਬਾਹਰੀ ਖ਼ਰੀਦ ਕਾਨੂੰਨਨ ਬੰਦ ਹੋਵੇਗੀ। ਭੂਮੀ–ਸੰਭਾਲ; ਕੁਦਰਤੀ ਉਪਜਾਊ ਸ਼ਕਤੀ ਕਾਇਮ ਰੱਖਣ ਲਈ, ਖੋਰੇ ਤੋਂ ਬਚਾਉਣ ਲਈ ਅਤੇ ਧਰਤੀ ਹੇਠਲੇ ਪਾਣੀ ਦੀ ਬਾਹਰੀ ਕੰਪਨੀਆ ਵੱਲੋਂ ਲੁੱਟ ਬੰਦ ਕਰਨ ਦੀਆ ਨੀਤੀਆਂ ਬਣਾ ਕੇ ਕਾਨੂੰਨ ਲਾਗੂ ਕੀਤੀਆਂ ਜਾਣਗੀਆਂ।
4. ਉਪਜਾਊ ਮਿੱਟੀ ਖੇਤਾਂ ਵਿੱਚਂ ਪੁੱਟ ਕੇ ਸ਼ਾਹ ਰਾਹਾਂ ਉੱਪਰ ਨਹੀਂ ਪਾਈ ਜਾਵੇਗੀ। ਕਿਉਂਕੇ ਇਸ ਨਾਲ ਪਾਣੀ ਦਾ ਵਹਾਅ ਬਦਲ ਜਾਵੇਗਾ ਅਤੇ ਇਲਾਕੇ ਹੜ੍ਹਾਂ ਦੀ ਮਾਰ ਹੇਠ ਆ ਜਾਣਗੇ।
5. ਖੇਤੀ ਨੀਤੀ: ਕੁਦਰਤੀ ਜੈਵਿਕ ਖ਼ੇਤੀ ਉਤਸ਼ਾਹਤ ਕਰਨੀ, ਫ਼ਸਲੀ ਚੱਕਰ ਬਦਲਣਾ, ਹਰ ਫ਼ਸਲ ਤੇ MSP ਖਰੀਦ ਗਰੰਟੀ, ਕੋਆਪ੍ਰੈਟਿਵ ਪ੍ਰੋਸੈਸਿੰਗ ਅਤੇ ਮਾਰਕੀਟਿੰਗ, ਲਾਂਘੇ ਖੋਲ੍ਹਕੇ ਕੌਮਾਤਰੀ ਮੰਡੀਕਰਨ ਕੀਤਾ ਜਾਵੇਗਾ।
6. ਆਰਥਿਕਤਾ ਅਤੇ ਬੈਂਕਿੰਗ ਨੀਤੀ: ਉਦਯੋਗ ਵਿਭਾਗ ਦੀ ਸ਼ਹਿਰੀ ਅਤੇ ਪੇਂਡੂ ਉਦਯੋਗ ਵਿੱਚ ਵੰਡ ਕੀਤੀ ਜਾਵੇਗੀ। ਸਟੇਟ ਫੰਡ ਕੇਂਦਰੀ ਬੈਂਕਾਂ ਦੀ ਬਜਾਏ, ਪੰਜਾਬ ਦੇ ਕੋਆਪ੍ਰੈਟਿਵ ਤੇ ਹੋਰ ਬੈਂਕਾਂ ‘ਚ ਰੱਖਕੇ, ਪੰਜਾਬ ਦੀ ਆਪਣੀ ਬੈਕਿੰਗ ਉਤਸ਼ਾਹਤ ਕੀਤੀ ਜਾਵੇਗੀ, ਤਾਂ ਜੋ ਪੰਜਾਬ ਦਾ ਸਰਮਾਇਆ ਪੰਜਾਬ ਵਿੱਚ ਰਹੇ। ਪੰਜਾਬ ਵਿੱਚੋਂ ਟੈਕਸ ਉਗਰਾਹੀ ਪੰਜਾਬ ਵਿੱਚ ਰਹੇ ਨੂੰ ਯਕੀਨ ਬਣਾਉਣ ਲਈ ਕ਼ਾਨੂਨ ਸੋਧ ਦਿੱਤੇ ਜਾਣਗੇ ।
7. ਰੋਜ਼ਗਾਰ ਨੀਤੀ; ਲਾਜ਼ਮੀ ਸਰਕਾਰੀ, ਜਾਂ Mutual and NRI Funding ਰਾਹੀਂ ਕੋਆਪਰੇਟਿਵ ਰੋਜ਼ਗਾਰ ਨੀਤੀ, ਵੀ ਲਾਗੂ ਕੀਤੀ ਜਾਵੇਗੀ। ਰੋਜ਼ਗਾਰ ਨਾ ਮਿਲਣ ਤੱਕ ਵਜ਼ੀਫ਼ਾ ਅਤੇ ਸਕਿਲ ਡਿਵੈਲਪਮੈਂਟ ਦੀ ਮੁਫ਼ਤ ਕੌਮਾਂਤਰੀ ਮਿਆਰੀ ਟ੍ਰੇਨਿੰਗ ਦਿਤੀ ਜਾਵੇਗੀ।
8. ਆਰਜ਼ੀ ਨੌਕਰੀਆ ਦੀ ਥਾਂ ਰੈਗੂਲਰ ਅਸਾਮੀਆਂ ਹੋਣਗੀਆਂ, ਤਾਂ ਜੋ ਜੌਬ ਸੁਰਖਿਆ ਦੇ ਨਾਲ, ਜਿੰਮੇਵਾਰੀ ਅਤੇ ਜਵਾਬਦੇਹੀ ਵੀ ਬਣੀ ਰਹੇ।
9. ਸਿਖਿਆ ਪਸਾਰ ਨੀਤੀ; ਮਾਂ–ਬੋਲੀ ਲਾਜ਼ਮੀ ਵਿਸ਼ਾ ਰੱਖਿਆ ਜਾਵੇਗਾ। ਨਿਜੀਕਰਨ ਦੀ ਨੀਤੀ ਬਦਲ ਕੇ ਅਤੇ ਨਿਰਉਤਸ਼ਾਹਤ ਕਰਕੇ, ਸਰਕਾਰੀ ਸਿਖਿਆ ਅਦਾਰਿਆਂ ਰਾਹੀਂ, ਲਾਜ਼ਮੀ ਮਿਆਰੀ ਸਸਤੀ (affordable) ਸਿਖ਼ਿਆ ਦਾ ਪ੍ਰਬੰਧ ਕੀਤਾ ਜਾਵੇਗਾ।
10. ਸਿਹਤ ਸੰਭਾਲ ਨੀਤੀ: ਨਿਜੀਕਰਨ ਦੀ ਨੀਤੀ ਬਦਲ ਕੇ ਅਤੇ ਨਿਰਉਤਸ਼ਾਹਤ ਕਰਕੇ ਸਰਕਾਰੀ ਸਿਹਤ ਅਦਾਰਿਆਂ ਨੂੰ ਹਰ ਸਹੂਲਤ ਦੇ ਕੇ ਮਿਆਰੀ ਸਿਹਤ ਸੇਵਾਵਾਂ ਬਹਾਲ ਕੀਤੀਆਂ ਜਾਣਗੀਆਂ।
11. ਸਭਿਆਚਾਰ ਸੰਭਾਲ ਨੀਤੀ: ਵਿਕਸਤ ਦੇਸ਼ਾਂ ਵਾਂਗ, ਸਭਿਅਚਾਰ ਦਾ ਵੱਖਰਾ ਮਹਿਕਮਾ ਹੋਵੇਗਾ, ਜੋ ਸਭਿਅਚਾਰ ਦੀ ਸੰਭਾਲ ਦੇ ਇਲਾਵਾ, ਇਸਨੂੰ ਪ੍ਰਫੁਲਤ ਵੀ ਕਰੇਗਾ।
12. ਵਿਰਾਸਤ ਸੰਭਾਲ ਨੀਤੀ: ਪੰਜਾਬੀ ਸਭਿਅਤਾ ਦੀ, ਸਭ ਪ੍ਰਾਚੀਨ ਵਿਰਾਸਤ, ਉਚੇਚੇ ਤੌਰ ਤੇ ਅਤੇ ਪਹਿਲ ਦੇ ਅਧਾਰ ਤੇ, ਸੰਭਾਲੀ ਜਾਵੇਗੀ।
*ਸਵਾਲ: ਪੰਜਾਬੀ ਸਭਿਅਤਾ ਬਾਰੇ ਸਿਧਾਂਤ ਅਤੇ ਇਤਿਹਾਸਿਕ ਪਿਛੋਕੜ ਸਮਝਣਾ ਕਿਉਂ ਜ਼ਰੂਰੀ ਹੈ ?*
ਉੱਤਰ: ਕਿਸੇ ਵੀ ਸਭਿਅਤਾ ਦੇ ਵਸਦੇ ਰਹਿਣ ਲਈ, ਪੰਜ ਜ਼ਰੂਰਤਾਂ ਲਾਜ਼ਮੀ ਹੁੰਦੀਆ ਹਨ। ਜੋ ਹਨ ਧਰਤੀ, ਪਾਣੀ, ਬੋਲੀ, ਸਭਿਆਚਾਰ ਅਤੇ ਵਿਰਸਾ।
ਮਾਨਾਂਮੱਤੀ ਅਣਖ਼ੀਲੀ, ਜੁਝਾਰੂ ਅਤੇ ਬਹਾਦਰ ਪ੍ਰਾਚੀਨ ਪੰਜਾਬੀ ਸਭਿਅਤਾ ਦੀ ਪਿਤਾਪੁਰਖ਼ੀ ਮਾਤਭੂਮੀ ‘ਦੇਸ–ਪੰਜਾਬ‘ ਹੈ। ਇਤਿਹਾਸ ਗਵਾਹ ਹੈ ਕਿ ਪੰਜਾਬ ਦੀ “ਸੱਚ ਅਤੇ ਪਰਉਪਕਾਰ” ਦੀ “ਧਰਮ–ਧਰਤੀ” ਨੇ ਮੁੱਢ ਕਦੀਮ ਤੋਂ ਅਣਖ ਲਈ ਮਰ ਮਿਟਣ ਵਾਲੇ ਅਣਗਿਣਤ “ਖ਼ੁੱਦਾਰ” ਯੋਧੇ ਪੈਦਾ ਕੀਤੇ। 1947 ਦੀ ਬਦਲਾ–ਲਊ ਸਾਜਸ਼ੀ ਵੰਡ ਵੇਲੇ ‘ਦੇਸ–ਪੰਜਾਬ‘ ਨੂੰ “ਲੱਕੋਂ–ਵੱਢ ਕੇ” ਸ਼ਾਹਮੁਖੀ ਲਿੱਪੀ ਵਾਲਾ “ਲਹਿੰਦਾ–ਪੰਜਾਬ” ਅਤੇ ਗੁਰਮੁਖੀ ਲਿੱਪੀ ਵਾਲਾ “ਚੜ੍ਹਦਾ–ਪੰਜਾਬ” ਬਣਾ ਕੇ ਅਪਾਹਿਜ਼ ਬਣਾ ਦਿਤਾ ਗਿਆ।
“ਚੜ੍ਹਦੇ–ਪੰਜਾਬ” ਖਿੱਤੇ ਨੂੰ ਕਮਜ਼ੋਰ ਤੇ ਅਧਮੋਇਆ ਰੱਖਣ ਲਈ, ਇਸ ਦੀ ਹੋਂਦ ਲਈ ਜ਼ਰੂਰੀ ਇਹਨਾਂ ਪੰਜੇ ਲੋੜਾਂ ਨੂੰ ਖੋਹ–ਖੋਹ ਕੇ ਖ਼ਤਮ ਕਰਨ ਦੇ ਉਪਰਾਲੇ, “ਝੂਠ ਪਾਪ ਦੀਆਂ ਸਰਕਾਰਾਂ” ਵੱਲੋਂ ਪਿਛਲੇ 75 ਸਾਲ ਨਿਰੰਤਰ ਜਾਰੀ ਰਹੇ। ਨਤੀਜੇ ਵਜੋਂ ਅੱਜ ਇਸਨੂੰ ਸਮੇਂ ਦੇ ਸਭ ਤੋਂ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ, “ਚੜ੍ਹਦੇ–ਪੰਜਾਬ” ਦੀ ਹੋਂਦ (survival) ਹੀ ਖਤਰੇ ਵਿਚ ਪੈ ਚੁੱਕੀ ਹੈ।
*ਸਵਾਲ: ਸਭ ਕਿਵੇਂ ਵਾਪਰਿਆ? ਅਤੇ ਹੁਣ ਕੀ ਹੱਲ ਹੈ ?*
ਉੱਤਰ: ਖੁਲ੍ਹਦਿਲੇ, ਸਾਫ਼–ਦਿਲ ਪੰਜਾਬੀ ਚਤੁਰ ਤੇ ਧੋਖ਼ੇਬਾਜ਼ ਵਸਾਹਘਾਤਾਂ ਵੱਲੋਂ, “ਝੂਠੀ ਵਡਿਆਈ ਕਰਕੇ ਅਣਭੋਲ ਹੀ ਵਸਾਹ ਲਏ ਗਏ।“
ਵੋਟਾਂ ਦੇ ਬਲ ਨਾਲ ਰਾਜਸੱਤਾ ਤੇ ਕਾਬਜ਼ ਹੋ ਸਕਣ ਕਰਕੇ, ਬਹਾਦਰੀ ਦੀ ਲੋੜ ਹੀ ਨਾ ਰਹੀ, ਜਿਸਦੀ ਥਾਂ ਚਤੁਰਾਈ, ਧੋਖਾਧੜੀ ਅਤੇ ਗੱਦਾਰੀ ਨੇ ਲੈ ਲਈ। ਸਿਆਸਤ ਨਿਰੋਲ “ਝੂਠ ਦਾ ਅਖਾੜਾ” ਬਣ ਕੇ ਰਹਿ ਗਈ, ਜਿਸ ਵਿੱਚ ਇੱਕ ਵੀ “ਸੱਚ ਦਾ ਪਿੜ” ਨਾ ਬਣ ਸਕਿਆ। ਜਿਸ ਕਰਕੇ ਮੁਖੌਟੇ ਬਦਲ ਬਦਲ ਕੇ ਝੂਠ ਹੀ ਰਾਜ ਸੱਤਾ ਤੇ ਬਾਰ ਬਾਰ ਕਾਬਜ਼ ਹੁੰਦਾ ਰਿਹਾ।
ਹੁਣ ਲੋਕ ਝੂਠ ਦੇ ਕੁਫ਼ਰ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਬੜੀ ਬੇਸਬਰੀ ਨਾਲ ਵੋਟਾਂ ਦੇ ਲੋਕਤੰਤਰ ਵਿੱਚ ਸੱਚੇ–ਸੁਚੇ ਇਮਾਨਦਾਰ ਉਮੀਦਵਾਰ ਲੱਭ ਰਹੇ ਹਨ।
ਹੁਣ ਲੋਕ ਦਿਲੋਂ ਚਾਹੁੰਦੇ ਹਨ ਕਿ ਉਹ ਰਾਜ ਸੱਤਾ ਤੇ “ਸੱਚ ਅਤੇ ਪਰਉਪਕਾਰ ਦਾ ਰਾਜ” ਧਥਾਪਿਤ ਕਰਨ ਵਿੱਚ ਸਹਾਈ ਹੋਣ। ਪਰ ਸਿਆਸਤ ਦੇ ਅਖਾੜੇ ਵਿੱਚ ਇਕ ਵੀ ਨਿਰੋਲ “ਸੱਚ ਦਾ ਪਿੜ” ਨਾ ਹੋਣ ਕਰਕੇ, ਅਸਮਰਥ ਹਨ।
*ਪ੍ਰਸ਼ਨ: ਲੋਕ–ਸਭਾ ਚੋਣਾਂ ਵਿੱਚ, ‘ਲੋਕ–ਰਾਜ‘ ਪੰਜਾਬ, ਭਾਰਤ ਦੇਸ਼ ਦਾ ਲੋਕਤੰਤਰ ਅਤੇ ਦੇਸ ਪੰਜਾਬ ਦੇ ਹੱਕ, ਸਰੋਤ, ਆਰਥਿਕਤਾ ਅਤੇ ਨਸਲਾਂ–ਫ਼ਸਲਾਂ ਨੂੰ ਬਚਾਉਣ ਲਈ ਕਿੰਨਾ ਕੁ ਸਾਰਥਿਕ ਉਪਰਾਲਾ ਕਰ ਸਕਦਾ ਹੈ, ਅਤੇ ਕਿੰਝ ਕਰੇਗਾ?*
ਉੱਤਰ: ਅਣਵੰਡੇ ਪੰਜਾਬ ਦੇ ਲੋਕ, ਬਾਰ ਬਾਰ “ਝੂਠ ਦੇ ਛਲਾਵਿਆਂ“ ਤੇ ਇਤਬਾਰ ਕਰ ਕੇ ਅੱਕ ਚੁੱਕੇ ਹਨ ਅਤੇ ਸਰਦਾਰ ਰਣਜੀਤ ਸਿੰਘ ਦੇ ਸਮੇਂ ਦੇ ਪਰ ਉਪਕਾਰੀ ਤੇ ਸੁਖਦਾਈ “ਸੱਚ ਦੇ ਰਾਜ“ ਦੀ ਡੂੰਘੀ ਤਾਂਘ ਰੱਖਦੇ ਹਨ।
ਪਹਿਲੇ ਕਦਮ ਵਿੱਚ, ‘ਲੋਕ–ਰਾਜ‘ ਪੰਜਾਬ, ਲੋਕ ਸਭਾ ਚੋਣਾਂ ਵਿੱਚ, ਸੱਚੇ ਸੁੱਚੇ ਜੀਵਨ ਦੇ ਧਾਰਨੀ, ਨਿਡਰ ਸੂਝਵਾਨ ਅਤੇ ਤਜ਼ਰਬੇਕਾਰ ਯੋਗ ਪ੍ਰਬੰਧਕਾਂ ਨੂੰ ਯਥਾ–ਸੰਭਵ ਸੀਟਾਂ ਤੇ ਚੋਣ ਦੰਗਲ ਵਿੱਚ ਉਤਾਰੇਗਾ।
ਅਜਿਹਾ ਕਰਨਾ ਜ਼ਰੂਰੀ ਹੈ, ਤਾਂ ਜੋ ਪਾਰਲੀਮੈਂਟ ਵਿੱਚ ਅਤੇ ਅੰਤਰਰਾਸ਼ਟਰੀ ਪੱਧਰ ਤੇ, “ਸੱਚ ਦੇ ਦੇਸ“ ਪੰਜਾਬ ਦੇ ਹੱਕਾਂ ਦੀ ਅਵਾਜ਼ ਬਿਨਾ ਕਿਸੇ ਝੂਠ ਦੇ ਛਲ ਜਾ ਦਬਾਅ ਦੇ, ਬੁਲੰਦ ਰੂਪ ਵਿੱਚ ਉਠਾਈ ਜਾ ਸਕੇ.
ਜੇ ਲੋਕਾਂ ਨੇ “ਸੱਚ ਦੇ ਪਿੜ“ ਦਾ ਸਾਥ ਦਿੱਤਾ, ਤਾਂ ਲੋਕ ਸਭਾ ਚੋਣਾਂ ਤੋਂ ਤੁਰੰਤ ਮਗਰੋਂ, fੲਸ ਨੂੰ ਇੱਕ ਮੁਕੰਮਲ ਰਾਜਨੀਤਕ ਪਾਰਟੀ ਦਾ ਰੂਪ ਦੇ ਕੇ, “ਸੱਚ ਦੀ ਧਰਮ–ਧਰਤੀ“ ‘ਦੇਸ–ਪੰਜਾਬ‘ ਨੂੰ ਪਰਉਪਕਾਰੀ ਅਤੇ ਸੁਖਦਾਈ ਰਾਜ ਪ੍ਰਬੰਧ ਦੇਣ ਦਾ ਸਾਰਥਿਕ ਉਪਰਾਲਾ ਆਰੰਭ ਦਿੱਤਾ ਜਾਵੇਗਾ।
*ਪ੍ਰਸ਼ਨ: ਤੁਸੀਂ ਇਹ ਉਪਰਾਲਾ ਇੰਨਾ ਲੇਟ ਕਿਓਂਂ ਕੀਤਾ ?*
ਉਤਰ: ਅਸਲ ਵਿੱਚ, ਸਾਨੂੰ ਕੋਈ ਸਿਆਸੀ ਤਾਕਤ ਦੀ ਲਾਲਸਾ ਨਾ ਸੀ ਅਤੇ ਨਾ ਹੈ।ਕਿਉਂਕਿ ਸਾਨੂੰ ਨਹੀਂ ਸੀ ਪਤਾ, ਕਿ ਕਿਸੇ ਨੇ ਵੀ ਇਹ ਨਹੀਂ ਕਰਨਾ। ਜਦੋਂ ਕਿਸੇ ਨੇ ਵੀ ਨਾ ਕੀਤਾ, ਤਾਂ ਸਾਨੂੰ ਕਰਨਾ ਪਿਆ। It is better late than never ਵਾਲੀ ਗੱਲ ਹੈ।
“ਬੇਲਾਗ ਤੇ ਬੇਦਾਗ ਸਖਸ਼ੀਅਤਾਂ“ ਨੂੰ ਲੱਭਣ ਤੇ ਮਨਾਉਣ ਲਈ, ਸਮਾਂ ਵੀ ਲੱਗਾ ਅਤੇ ਡਾਢੀ ਮਿਹਨਤ ਵੀ ਕਰਨੀ ਪਈ।ਹੁਣ ‘ਲੋਕ–ਰਾਜ‘ ਪੰਜਾਬ ਦੀ ਕੋਰ–ਕਮੇਟੀ ਵਿੱਚ ਸਵਾ ਦੋ ਸੌ ਤੋਂ ਵੱਧ, ਪੰਜਾਬ ਦੇ ਮੰਨੇ ਪ੍ਰਮੰਨੇ ਜੱਜ, ਵਕੀਲ, ਸੀਨੀਅਰ ਸਾਬਕਾ ਫ਼ੌਜੀ ਤੇ ਸਿਵਲ ਅਫ਼ਸਰ, ਮਨੁੱਖ਼ੀ ਅਧਿਕਾਰ ਸੰਗਠਨ, ਅਰਥ–ਸਾਸ਼ਤਰੀ, ਡਾਕਟਰ, fੲੰਜੀਨੀਅਰ, ਅਧਿਆਪਕ, ਵਿਦਿਆਰਥੀ, ਬੁਧੀਜੀਵੀ, ਕਿਰਸਾਨ, fੲਸਤਰੀ ਤੇ ਨੌਜਵਾਨ ਸੰਗਠਨ ਸ਼ਾਮਿਲ ਹਨ।
*ਪ੍ਰਸ਼ਨ: ਕੀ ਇਹਨਾਂ ਵਿੱਚ, fੲਸ ਪੱਧਰ ਦੇ ਪ੍ਰਬੰਧਕ ਵੀ ਹਨ, ਜੋ ਸਰਕਾਰ ਚਲਾਉਣ, ਯੋਗ–ਪ੍ਰਬੰਧ ਅਤੇ ਨਿਆਂ (Good-Governance and Justice) ਦੇ ਸਕਣਗੇ ?*
ਉੱਤਰ: ਬਿਲਕੁਲ, ‘ਲੋਕ–ਰਾਜ‘ ਪੰਜਾਬ ਵਿੱਚ, ਯੂਨੀਅਨ ਸੈਕਟਰੀ, ਚੀਫ਼ ਸੈਕਟਰੀ, ਸੈਕਟਰੀ, ਡੀ.ਜੀ.ਪੀ, ਮੇਜਰ–ਜਰਨਲ, ਬ੍ਰਗੇਡੀਅਰ, ਕਰਨਲ, ਚੀਫ਼ ਇੰਜੀਨੀਅਰ, ਡਾਇਰੇਕਟਰ ਸਹਿਤ ਸੇਵਾਵਾਂ, ਸਿਵਲ ਸਰਜਨ, ਵਾਈਸ ਚਾਂਸਲਰ, ਪ੍ਰੋਫ਼ੈਸਰ ਅਤੇ ਹੋਰ ਉੱਚ ਅਹੁਦਿਆਂ ਤੇ ਇਮਾਨਦਾਰੀ ਅਤੇ ਅਣਥੱਕ ਕਾਰਗੁਜ਼ਾਰੀ ਕਰਕੇ ਨਾਮਣਾ ਖੱਟਣ ਵਾਲੇ ਕਾਮਯਾਬ ਪ੍ਰਬੰਧਕ ਸ਼ਾਮਲ ਹਨ। ਜੋ ਨਿਸਚੈ ਹੀ ਯੋਗ–ਪ੍ਰਬੰਧ ਦੇ ਸਕਣ ਦੀ ਕਾਬਲੀਅਤ ਰੱਖਦੇ ਹਨ।
*ਪ੍ਰਸ਼ਨ: ਕੀ ਤੁਹਾਨੂੰ ਯਕੀਨ ਹੈ, ਕਿ ਤੁਹਾਡੇ ਉਮੀਦਵਾਰ ਜਿੱਤ ਸਕਣਗੇ ?*
ਉੱਤਰ: ਵਾਹਿਗੁਰੂ ਦੀ ਕਿਰਪਾ ਨਾਲ, “ਨਿਸਚੈ ਕਰਿ ਅਪੁਨੀ ਜੀਤ ਕਰੋਂ।” ਉੱਤੇ ਅਟੁੱਟ ਵਿਸ਼ਵਾਸ਼ ਹੈ। ਬਿਲਕੁਲ, ਯਕੀਨ ਹੈ। ਕਿਉਂਕਿ ਇਸ ਵਿੱਚ ਸਾਡੀ ਕੋਈ ਲਾਲਸਾ ਜਾਂ ਖੁਦਗਰਜ਼ੀ ਨਹੀਂ ਹੈ।ਉਂਝ ਵੀ ਇਹ ਲੋਕਾਂ ਦੇ ਦਿਲ ਦੀ ਗੱਲ ਹੈ।
ਅਸੀਂ ਨੇਕ–ਨੀਅਤੀ ਨਾਲ ਲੋਕਾਂ ਨੂੰ, ਲੋਕ–ਪੱਖੀ ਸੱਚਾ ਬਦਲ ਦੇਣ ਦੀ ਕੋਸ਼ਿਸ਼ ਅਰੰਭੀ ਹੈ। ਕੋਈ ਕਾਰਨ ਹੀ ਨਹੀਂ ਕਿ ਲੋਕ ਸਾਥ ਨਾ ਦੇਣ।ਸਾਨੂੰ ਝੂਠ ਦੀ ਸਿਆਸਤ ਵਿਰੁੱਧ ਇੱਕ “ਲੋਕ–ਰੋਹ ਦੀ ਵਿਆਪਕ ਲਹਿਰ“ ਉਪਜਣ ਦੀ ਉਮੀਦ ਹੈ।
*ਪ੍ਰਸ਼ਨ: ਏਡੇ ਜ਼ਾਬਰ ਤੇ ਸ਼ਕਤੀਸ਼ਾਲੀ ਨਿਜ਼ਾਮ ਖਿਲਾਫ, ਤੁਹਾਡੇ ਬਹੁਤ ਸੀਮਤ ਸਾਧਨਾਂ ਨਾਲ ਕੀ ਤੁਸੀਂ ਲੋੜ ਤੋਂ ਵੱਧ ਉਮੀਦ ਨਹੀਂ ਲਾਈ ਬੈਠੇ ?*
ਉੱਤਰ: ਨਹੀਂ, ਬਿਲਕੁਲ ਵੀ ਨਹੀਂ।ਇਤਿਹਾਸ ਗਵਾਹ ਹੈ: ਵਾਹਿਗੁਰੂ ਦੀ ਮਿਹਰ ਨਾਲ ਅਸਾਵੀਆਂ ਜੰਗਾਂ ਵੀ ਜਿੱਤੀਆਂ ਜਾਂਦੀਆਂ ਹਨ।ਗੁਰਬਾਣੀ ਦਾ ਫ਼ੁਰਮਾਨ ਹੈ:
*”ਨੀਕੀ ਕੀਰੀ ਮਹਿ ਕਲ ਰਾਖੈ॥ ਭਸਮ ਕਰੈ ਲਸਕਰ ਕੋਟਿ ਲਾਖੈ॥“*